ਕੇਹਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਹਰ ਸਿੰਘ: ਇਕ ਗ਼ਦਰ ਲੀਡਰ ਜਿਹੜਾ ਅੰਮ੍ਰਿਤਸਰ ਜ਼ਿਲੇ ਦੇ ਮਰਹਾਣਾ ਪਿੰਡ ਦੇ ਨਿਹਾਲ ਸਿੰਘ ਦਾ ਸੁਪੁੱਤਰ ਸੀ। ਆਪਣੇ ਜ਼ਿਲੇ ਦੇ ਦੂਜੇ ਕਿਸਾਨਾਂ ਵਾਂਗ ਇਹ ਵੀ ਘਰ-ਬਾਰ ਛੱਡ ਕੇ ਆਪਣੇ ਬੇਹਤਰ ਭਵਿਖ ਲਈ ਸੰਯੁਕਤ ਰਾਜ ਅਮਰੀਕਾ ਚੱਲਾ ਗਿਆ ਸੀ। ਭਾਰਤ ਵਿਚ ਇਨਕਲਾਬ ਲਿਆਉਣ ਦੇ ਉਦੇਸ਼ ਨਾਲ ਦਿੱਤੇ ਗ਼ਦਰ ਪਾਰਟੀ ਦੇ ਸੱਦੇ ਉੱਤੇ ਇਸ ਨੇ ਭਾਰਤ ਵਾਪਸ ਪਰਤਣ ਦਾ ਮਨ ਬਣਾ ਲਿਆ ਅਤੇ ਜਨਵਰੀ 1915 ਨੂੰ ਦਿੱਲੀ ਪਹੁੰਚ ਗਿਆ। ਉਸ ਸਮੇਂ ਇਸ ਦੀ ਉਮਰ 62 ਸਾਲ ਦੀ ਹੋ ਚੁੱਕੀ ਸੀ। ਇਸ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਸਾਜ਼ਸ਼ ਕੇਸ ਵਿਚ ਇਸ ਤੇ ਮੁਕੱਦਮਾ ਚਲਾਇਆ ਗਿਆ। ਇਸ ਦੇ ਖ਼ਿਲਾਫ਼ ਦੋਸ਼ ਇਹ ਸੀ ਕਿ ਇਸ ਕੋਲ ਤਿੰਨ ਰਿਵਾਲਵਰ, ਗੋਲੀ ਸਿੱਕਾ ਅਤੇ ਤਿੰਨ ਬੰਬ ਸਨ; ਇਸ ਨੇ ਪਾਰਟੀ ਦੇ ਸਾਂਝੇ ਖਾਤੇ ਵਿਚ 1,000 ਰੁਪਏ ਇਕ ਵਾਰ ਅਤੇ 100 ਰੁਪਏ ਦੂਜੀ ਵਾਰ ਜਮਾਂ ਕਰਾਏ ਸਨ: ਅਤੇ ਇਕ ਜਾਸੂਸ ਕਿਰਪਾਲ ਸਿੰਘ ਇਸ ਨੂੰ ਅਤੇ ਹੋਰਾਂ ਨੂੰ 18 ਫ਼ਰਵਰੀ 1915 ਨੂੰ ਪਿੰਡ ਦਦੇਹਰ ਵਿਖੇ ਮਿਲਿਆ ਸੀ ਅਤੇ ਉਸ ਨੇ ਕੁਝ ਵਸਤਾਂ ਦੇ ਬਦਲੇ ਇਸ ਕੋਲੋਂ ਇਕ ਬੋਤਲ ਤੇਜ਼ਾਬ , ਕੁਝ ਸ਼ੀਸ਼ੀਆਂ ਅਤੇ ਤਿੰਨ ਇੰਕਪੌਟ ਬੰਬ ਖ਼ਰੀਦੇ ਸਨ

      ਕੇਹਰ ਸਿੰਘ ਨੂੰ ਜੀਵਨ ਭਰ ਲਈ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਅਤੇ ਇਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਅੰਡੇਮਾਨ ਵਿਚ ਇਸ ਦਾ ਅਕਾਲ ਚਲਾਣਾ ਹੋ ਗਿਆ ਸੀ ਜਿੱਥੇ ਅੰਤਿਮ ਸਮੇਂ ਤਕ ਕੈਦੀਆਂ ਨਾਲ ਹੁੰਦੇ ਅਣਮਨੁੱਖੀ ਵਰਤਾਉ ਦੇ ਵਿਰੁੱਧ ਇਹ ਜਦੋ-ਜਹਿਦ ਕਰਦਾ ਰਿਹਾ ਸੀ।


ਲੇਖਕ : ਸ.ਸ.ਜ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੇਹਰ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੇਹਰ ਸਿੰਘ (ਵੀ. ਚ. ) : ਇਸ ਬਹਾਦਰ ਫ਼ੌਜੀ ਅਫ਼ਸਰ ਤੇ ਵੀਰ ਚੱਕਰ ਵਿਜੇਤਾ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਵਿਖੇ 13 ਅਕਤੂਬਰ, 1907 ਨੂੰ ਸ. ਜੈਮਲ ਸਿੰਘ ਦੇ ਘਰ ਹੋਇਆ। ਗੱਭਰੂ ਹੋਇਆ ਇਹ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਫਿਰ ਆਪਣੀ ਸੂਝ ਸਮਝ ਤੇ ਯੋਗ ਸਿਖਲਾਈ ਸਦਕਾ ਜਵਾਨ ਤੋਂ ਅਫ਼ਸਰ ਪਦ ਲਈ ਚੁਣਿਆ ਗਿਆ। ਇਸ ਨੇ 15 ਜੂਨ, 1941 ਨੂੰ ਕਮਿਸ਼ਨ ਪ੍ਰਾਪਤ ਕੀਤਾ ਤੇ ਸਿੱਖ ਰੈਜਮੈਂਟ ਵਿਚ ਬੜੀ ਜਲਦੀ ਤਰੱਕੀ ਕੀਤੀ । ਸੰਨ 1948 ਤਕ ਸੱਤ ਸਾਲਾਂ ਵਿਚ ਇਹ ਮੇਜਰ ਬਣ ਗਿਆ। ਕਬਾਇਲੀਆਂ ਦੇ ਅਚਾਨਕ ਹਮਲੇ ਨੂੰ ਰੋਕਣ ਲਈ ਭਾਰਤੀ ਸੈਨਾ ਨੂੰ ਕਸ਼ਮੀਰ ਭੇਜਿਆ ਗਿਆ ਤਾਂ ਸਿੱਖ ਰੈਜਮੈਂਟ ਨੂੰ ਦੁਸ਼ਮਣ ਦੇ ਨਾਜਾਇਜ਼ ਕਬਜ਼ੇ ਹੇਠ ਆਈ ਟਿਥਵਾਲ ਨੇੜੇ ਰਿਚਮਾਰ ਗਲੀ ਤੇ ਕਬਜ਼ਾ ਕਰਨ ਦਾ ਹੁਕਮ ਮਿਲਿਆ।

ਇਸ ਇਲਾਕੇ ਤੇ ਕਬਜ਼ਾ ਕੀਤੇ ਬਿਨਾ ਟਿਥਵਾਲ ਦੀ ਸੁਰੱਖਿਆ ਅਸੰਭਵ ਸੀ ਪਰ ਰਿਚਮਾਰ ਗਲੀ ਤਕ ਪਹੁੰਚਣਾ ਵੀ ਬਹੁਤ ਮੁਸ਼ਕਲ ਸੀ ਕਿਉਂਕਿ ਇਕ ਤਾਂ ਚੜ੍ਹਾਈ ਤਿੱਖੀ ਸੀ, ਦੂਸਰਾ ਰਸਤਾ ਬਹੁਤ ਤੰਗ ਅਤੇ ਤੀਸਰਾ ਇਹ ਰਸਤਾ ਦੁਸ਼ਮਣ ਦੀ ਸਿੱਧੀ ਮਾਰ ਹੇਠ ਸੀ।

25 ਮਈ, 1948 ਨੂੰ ਰਿਚਮਾਰ ਗਲੀ ਉੱਤੇ ਮਜ਼ਬੂਤੀ ਨਾਲ ਕਬਜ਼ਾ ਜਮਾਈ ਬੈਠੇ ਦੁਸ਼ਮਣ ਉੱਪਰ ਹਮਲੇ ਦੀ ਯੋਜਨਾ ਬਣਾਈ ਗਈ ਜਿਸ ਨਾਲ ਦੁਸ਼ਮਣ ਨੂੰ ਅਚਾਨਕ ਦੱਬਿਆ ਜਾ ਸਕੇ। ਦੁਸ਼ਮਣ ਕਦੇ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਹਮਲਾ ਉਸ ਦਿਸ਼ਾ ਵੱਲੋਂ ਵੀ ਹੋ ਸਕਦਾ ਹੈ । ਇਕ ਕੰਪਨੀ ਦੀ ਅਗਵਾਈ ਕਰਦਿਆਂ ਮੇਜਰ ਕੇਹਰ ਸਿੰਘ ਨੇ ਜਦ ਰਿਚਮਾਰ ਗਲੀ ਨੂੰ ਖੱਬੀ ਹੁੱਕ ਦੇ ਕੇ ਦੁਸ਼ਮਣ ਉਤੇ ਪਿੱਛੋਂ ਦੀ ਆ ਕੇ ਹਮਲਾ ਕੀਤਾ ਤਾ ਦੁਸ਼ਮਣ ਘਬਰਾ ਗਿਆ। ਇਸ ਹਮਲੇ ਨੇ ਦੁਸ਼ਮਣ ਦੇ ਅਜਿਹੇ ਪੈਰ ਉਖਾੜੇ ਕਿ ਉਸ ਨੂੰ ਭੱਜਣ ਨੂੰ ਵੀ ਰਾਹ ਨਹੀਂ ਸੀ ਲੱਭ ਰਿਹਾ। ਕੱਟ-ਵੱਢ ਕਰ ਕੇ, ਰਿਚਮਾਰ ਗਲੀ ਉੱਤੇ ਸਿੱਖ ਰੈਜਮੈਂਟ ਨੇ ਕਬਜ਼ਾ ਕਰ ਲਿਆ ਅਤੇ ਦੁਸ਼ਮਣ ਦੇ ਬੰਕਰਾਂ ਨੂੰ ਆਪਣੀ ਸੁਰੱਖਿਆ ਚੌਕੀ ਵਿਚ ਬਦਲਣਾ ਸ਼ੁਰੂ ਕਰ ਦਿੱਤਾ। ਸੁਰੱਖਿਆ ਦੀਆਂ ਅਜੇ ਤਿਆਰੀਆਂ ਹੋ ਰਹੀਆਂ ਸਨ ਕਿ ਦੁਸ਼ਮਣ ਨੇ ਦੂਜੇ ਪਾਸਿਓਂ ਜਵਾਬੀ ਹਮਲਾ ਕਰ ਦਿੱਤਾ। ਇਸ ਜਵਾਬੀ ਹਮਲੇ ਦਾ ਵੀ ਮੂੰਹ ਤੋੜ ਜਵਾਬ ਦਿੱਤਾ ਗਿਆ ।

ਮੇਜਰ ਕੇਹਰ ਸਿੰਘ ਦੀ ਬਹਾਦਰੀ, ਹੌਸਲਾ ਦਿਵਾਊ ਅਗਵਾਈ, ਦ੍ਰਿੜ੍ਹ ਇਰਾਦੇ  ਤੇ ਨਿਰਾਲੇ ਜੋਸ਼ ਸਦਕਾ ਸਿੱਖ ਰੈਜਮੈਂਟ ਨੇ ਜੋ ਕਾਰਨਾਮੇ ਵਿਖਾਏ ਉਸ ਸਦਕਾ ਇਸ ਨੂੰ ‘ਵੀਰ ਚੱਕਰ’ ਨਾਲ ਸਨਮਾਨਿਆ ਗਿਆ। ਇਹ ਲੈਫਟੀਨੈਂਟ, ਕਰਨਲ ਦੇ ਅਹੁਦੇ ਤਕ ਪਹੁੰਚ ਕੇ ਸੇਵਾ-ਮੁਕਤ ਹੋਇਆ ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-12-26-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.